ਚੁਪ-ਚੁਪੀਤੇ ਕਾਂ



ਕਦੇ ਹੁੰਦਾ ਸੀ ਕੇ ਬਨੇਰੇ ਤੇ ਕਾਂ ਚਿਨ੍ਘਾੜਾ ਪਾਈ ਰਖਦੇ ਸੀ !
ਤੇਰੀ ਟੁੱਟੀ ਚੁੜੀ ਦਾ ਕੀ ਤੇ ਤੇਰੀ ਕਿੱਕਲੀ ਦੀ ਤਾੜ ਦਾ ਕੀ
ਤਿਹਾਈ ਨਜ਼ਰ ਮੇਰੀ ਲਈ, ਤੇਰੇ ਲੌਂਗ ਦੀ ਲਸ਼ਕੋਰ ਤਕ ਲੇ ਔਂਦੇ ਸੀ !
ਜੋ ਖਹਿੜੇ ਪੈ ਪੈ ਸੁਣਾਂਦੇ ਸੀ, ਹੁਣ ਮੈਥੋਂ ਸੁਨੇਹੇ ਹਾੜੇਆ ਦੇ ਘਲਾਂਦੇ ਨੇ !
ਬਨੇਰੇ 'ਤੇ ਤਾਂ ਔਂਦੇ ਨੇ ਪਰ
ਹੁਣ ਕਾਂ ਵੀ ਚੁਪ-ਚੁਪੀਤੇ ਫੇਰਾ ਪਾ ਮੁੜ ਜਾਂਦੇ ਨੇ !!

ਕਦੇ ਹੁੰਦਾ ਸੀ ਕੇ ਪੋਹ ਫੁਟਦੀ ਬਾਂਗਾਂ ਦੇਂਦੀ ਸੀ !
ਖੂਹ ਦੇ ਟਿੰਡ ਧੌਣ ਤੇਰੀ ਵਾਂਗ
ਝੂਟੇ ਖਾਂਦੇ, ਤੇਰੀ ਸਧਰਾਂ ਦਾ ਹਾਲ ਸੁਣਾਂਦੇ ਸੀ !
ਹੁਣ ਅੰਗੜਾਈਆਂ ਲੇਂਦੇ ਸਮੇਂ ਸਵੇਰ ਦੇ, ਬਣ ਤਰੇਲ ਸੁੱਕ ਜਾਂਦੇ ਨੇ !
ਬਨੇਰੇ 'ਤੇ ਤਾਂ ਔਂਦੇ ਨੇ ਪਰ
ਹੁਣ ਕਾਂ ਵੀ ਚੁਪ-ਚੁਪੀਤੇ ਫੇਰਾ ਪਾ ਮੁੜ ਜਾਂਦੇ ਨੇ !!

ਕਦੇ ਹੁੰਦਾ ਸੀ ਕੇ ਰੁਖ ਵੀ ਵਾਜਾਂ ਦੇਂਦੇ ਸੀ !
ਪਿੱਪਲੀ ਦੇ ਪੱਤੇ ਹੋਕੇ ਭਰਦੇ
ਖ਼ੜ ਖ਼ੜ ਕਰ ਤੇਰੀ ਝਾੰਝਰ ਬਣ ਬਣ ਜਾਂਦੇ ਸੀ !
ਹੁਣ ਪੱਤੇ ਵੀ ਪਤਝੜ ਦੇ ਡਰ ਤੋ ਉਗਨੋਂ ਹੀ ਕਤਰੌਂਦੇ ਨੇ !
ਬਨੇਰੇ 'ਤੇ ਤਾਂ ਔਂਦੇ ਨੇ ਪਰ
ਹੁਣ ਕਾਂ ਵੀ ਚੁਪ-ਚੁਪੀਤੇ ਫੇਰਾ ਪਾ ਮੁੜ ਜਾਂਦੇ ਨੇ !!

ਕਦੇ ਹੁੰਦਾ ਸੀ ਕੇ ਝੜੀ ਸੌਣ ਦੀ ਭੜਥੁ ਵੇਹ੍ੜੇ ਪੌਂਦੀ ਸੀ !
ਬੱਦਲ ਤੇਰੇ ਸਾਹ ਵਾਂਗੂ ਫੁਲਦੇ
ਵਰ ਵਰ ਤੇਰੀ ਅੱਖਿਆਂ ਦਾ ਹਾਲ ਸੁਣਾਂਦੇ ਸੀ !
ਹੁਣ ਸਹਕਦੇ ਬੁੱਲੇ ਬੱਦਲਾਂ ਨੂ ਵੀ ਨਾਲ ਉੜਾ ਲੈ ਜਾਂਦੇ ਨੇ !
ਬਨੇਰੇ 'ਤੇ ਤਾਂ ਔਂਦੇ ਨੇ ਪਰ
ਹੁਣ ਕਾਂ ਵੀ ਚੁਪ-ਚੁਪੀਤੇ ਫੇਰਾ ਪਾ ਮੁੜ ਜਾਂਦੇ ਨੇ !!
ਫੇਰਾ ਪਾ ਮੁੜ ਜਾਂਦੇ ਨੇ !!


0 comments: